Home | Gallery | Feedback | Contact Us
  Talwara.com
Sponsored Links

ਤਲਵਾੜਾ         Surinder Mand     ਡਾ. ਸੁਰਿੰਦਰਪਾਲ ਸਿੰਘ ਮੰਡ

ਆਸ ਪਾਸ ਦੇ ਲੋਕ ਇਸ ਤਰਾਂ ਹਨ ਜਿਵੇਂ ਤਲਵਾੜੇ ਵਾਲੇ ਡਲਹੌਜ਼ੀ ਅਤੇ ਧਰਮਸ਼ਾਲਾ ਜਾਂਦੇ ਹਨ। ਕਹਿਣਗੇ,"ਮੈਂ ਵੀ ਕੱਲ੍ਹ ਤਲਵਾੜੇ ਹੀ ਸਾਂ।" ਤੇ ਆਖਦਿਆਂ ਚਿਹਰੇ ਉੱਤੇ ਹਲਕਾ ਜਿਹਾ ਕਿਸੇ ਪ੍ਰਾਪਤੀ ਵਰਗਾ ਭਾਵ ਹੋਵੇਗਾ।
ਜਦ ਮੁਕੇਰੀਆਂ ਤੋਂ ਪੂਰਬ ਨੂੰ ਮੁੜ ਕੇ ਤਲਵਾੜੇ ਵਾਲੀ ਸੜਕ ਪਈਦਾ ਹੈ ਤਾਂ ਵਾਤਾਵਰਣ ਵਿਚ ਕੋਈ ਫਰਕ ਮਹਿਸੂਸ ਹੁੰਦਾ ਹੈ। ਜੇ ਗਰਮੀ ਦਾ ਮੌਸਮ ਹੋਵੇ ਅਤੇ ਤਰਕਾਲਾਂ ਦਾ ਵੇਲਾ ਤਾਂTalwara ਹਵਾ ਵਿਚ ਠੰਡਕ ਵਧ ਜਾਂਦੀ ਹੈ। ਸੜਕ ਉਤੇ ਸਲੀਕੇ ਜਿਹੇ ਵਾਲਾ ਸਾਂਤ ਮਹੌਲ, ਲੰਮੇ ਰੂਟ ਦੀਆਂ ਬੱਸਾਂ ਵਾਲੇ ਜਿਹੜੇ ਪਿਛੋਂ ਆਮ ਪੰਜਾਬੀ ਕੈਸਟਾਂ ਨਾਲ ਭਾਵੇਂ ਲੋਕਾਂ ਦਾ ਸਿਰ ਖਾਂਦੇ ਆਏ ਹੋਣ, ਤਲਵਾੜੇ ਨੂੰ ਮੁੜਿਦਆਂ ਹੀ ਆਪਣੀ ਸਭ ਤੋਂ ਸੁਹਜ ਭਰੇ ਗੀਤਾਂ ਦੀ ਕੈਸਟ ਲਾ ਦੇਣਗੇ,"ਬਹਾਰੋ ਫੂਲ ਬਰਸਾਓ, ਮੇਰਾ ਮਹਿਬੂਬ ਆਇਆ ਹੈ।"
ਤਲਵਾੜਾ ਮੁਕੇਰੀਆਂ ਤੋਂ 18-20 ਮੀਲ ਹੈ ਤੇ ਦਸੂਹੇ ਤੋਂ ਸਿੱਧਾ 22-23 ਮੀਲ। ਮੁਕੇਰੀਆਂ ਤੋਂ ਤਲਵਾੜੇ ਨੂੰ ਅੱਧ ਟੱਪਣ ਤੋਂ ਬਾਅਦ ਮਹਿਸੂਸ ਹੁੰਦਾ ਹੈ ਕਿ ਹਰੇ ਭਰੇ ਪਹਾੜ ਸਾਡੇ ਨੇੜੇ ਤੋਂ ਨੇੜੇ ਹੁੰਦੇ ਜਾ ਰਹੇ ਹਨ ਤੇ ਅਖੀਰ ਤੁਸੀਂ ਹਰੇ ਕਚੂਰ ਪਹਾੜਾਂ ਦੇ ਬਰਾਬਰੋ ਬਰਾਬਰ ਚੱਲਣ ਲਗਦੇ ਹੋ। ਜੇ ਮੌਸਮ ਸਾਫ਼ ਹੋਵੇ ਤਾਂ ਉੱਤਰ ਪੂਰਬ ਵੱਲ ਏਥੋਂ ਬਾਰਾਂ ਮਹੀਨੇ ਚਿੱਟੀਆਂ ਬਰਫ਼ਾਂ ਨਾਲ ਲੱਦੀਆਂ ਪਹਾੜੀਆਂ ਨਜ਼ਰ ਆਉਂਦੀਆਂ ਹਨ। ਜਿਵੇਂ ਅੰਦਰੇਟੇ ਸ. ਸੋਭਾ ਸਿੰਘ ਚਿੱਤਰਕਾਰ ਦੇ ਘਰ ਕੋਲ ਖਲੋ ਕੇ ਨਜ਼ਰ ਆਉਂਦੀਆਂ ਹਨ। ਜਦ ਸ਼ਾਮ ਦਾ ਸੂਰਜ ਏਥੋਂ ਧਰਤੀ ਤੋਂ ਓਹਲਾ ਕਰ ਲੈਂਦਾ ਹੈ ਤਾਂ ਇਕੱਲੀਆਂ ਬਰਫ਼ਾਨੀ ਚੋਟੀਆਂ ਧੁੱਪ ਨਾਲ ਲਿਸ਼ਕਦੀਆਂ ਇਉਂ ਲੱਗਣਗੀਆਂ ਜਿਵੇਂ ਅੱਡੀਆਂ ਚੁੱਕ ਚੁੱਕ ਸੂਰਜ ਨੂੰ ਕਹਿ ਰਹੀਆਂ ਹੋਣ, 'ਥੋੜ੍ਹਾ ਚਿਰ ਰੁਕਜਾ ਹੋਰ। ਸਾਡਾ ਰੂਪ ਤੇ ਜੋਬਨ ਵੇਖ।'
ਤਲਵਾੜੇ ਪੁੱਜ ਕੇ ਤੁਸੀਂ ਕਾਂਗੜੇ ਦੀ ਖ਼ੂਬਸੂਰਤ ਵਾਦੀ ਦੀਆਂ ਬਰੂਹਾਂ ਤੇ ਹੁੰਦੇ ਹੋ। ਏਥੋਂ ਅੱਧਾ ਕਿਲੋਮੀਟਰ ਅੱਗੇ ਹੀ ਤਾਂ ਸ਼ੁਰੂ ਹੋ ਜਾਂਦਾ ਹੈ ਹਿਮਾਚਲ ਦਾ ਜਿਲ੍ਹਾ ਕਾਂਗੜਾ।
ਜੇ ਤੁਸੀਂ ਰਾਤ ਨੂੰ ਤਲਵਾੜਾ ਟਾਊਨਸ਼ਿਪ ਦੇ ਕੋਲ ਦੀ ਲੰਘੋ ਤਾਂ ਲੱਗੇਗਾ ਕਿ ਇਹ ਕਿਹੜਾ ਨਿੱਕਾ ਜਿਹਾ ਸ਼ਹਿਰ ਆ ਗਿਆ ਹੈ, ਜਿਸਦੇ ਜੀ. ਟੀ. ਰੋਡ ਦੇ ਨਾਲ ਅੰਦਰਵਾਰ ਕਰਕੇ ਸਾਫ਼ ਸੁਥਰੀ ਗੋਲ ਚੌਂਕਾਂ ਵਾਲੀ ਡਬਲ ਸੜਕ ਬਣਾਈ ਗਈ ਹੈ ਤੇ ਜਿਸਨੂੰ ਚਾਰ ਚੁਫ਼ੇਰਿਓਂ ਤੇ ਹਰ ਬਲਾਕ ਨੂੰ ਟਿਊਬ ਲਾਈਟਾਂ ਨੇ ਇੰਜ ਰੌਸ਼ਨੀ ਨੇ ਜਗਮਗਾਇਆ ਹੈ, ਜਿਵੇਂ ਸਟੂਡੀਓ ਵਿਚ ਕਿਸੇ ਦੀ ਫ਼ੋਟੋ ਖਿੱਚਣ ਲੱਗਿਆਂ ਜਗਾਈਦੀਆਂ ਹਨ। ਇਥੇ ਕਹਾਵਤ ਹੈ ਕਿ ਤਲਵਾੜੇ ਵਿਚ ਕਦੀ ਰਾਤ ਨਹੀਂ ਹੁੰਦੀ। ਸਦਾ ਦਿਨ ਚੜ੍ਹਿਆ ਰਹਿੰਦਾ ਹੈ। ਕਿਉਂਕਿ ਇਥੇ ਕਦੀ ਵੀ ਬਿਜਲੀ ਦਾ ਕੱਟ ਨਹੀਂ ਲਗਦਾ।
ਤਲਵਾੜਾ ਬਿਜਲੀ ਦਾ ਘਰ ਹੈ। ਇੱਥੇ ਬਿਆਸ ਦਰਿਆ ਉੱਤੇ ਬਣਾਇਆ ਗਿਆ ਪੌਂਗ ਡੈਮ ਹੈ। ਜਿੱਥੇ 360 ਮੈਗਾਵਾਟ ਬਿਜਲੀ ਬਣਦੀ ਹੈ। ਸ਼ਾਹ ਨਹਿਰ ਉੱਤੇ ਬਣੇ 60-60 ਮੈਗਾਵਾਟ ਦੇ ਪਾਵਰ ਹਾਊਸ ਵੱਖਰੇ ਹਨ।
ਬੰਦਾ ਸੋਚ ਵੀ ਨਹੀਂ ਸਕਦਾ ਕਿ ਪੰਜਾਬ ਦੇ ਐਨ ਕੰਨ ਕੋਲ 40 ਕਿਲੋਮੀਟਰ ਲੰਮੀ ਸਾਫ਼ ਸੁਥਰੇ ਪਾਣੀ ਦੀ ਝੀਲ ਹੋਵੇਗੀ। ਇਹ ਝੀਲ ਧਰਮਸ਼ਾਲਾ ਤੋਂ ਵੀ ਦਿਸਦੀ ਹੈ। ਉੱਥੇ ਇੱਕ ਥਾਂ ਲਿਖਿਆ ਹੈ,"ਪੌਂਗ ਵਿਊ"।
ਪੌਂਗ ਡੈਮ ਨੂੰ ਤਲਵਾੜੇ ਵਿਚ ਕਿਤਿਓਂ ਵੀ ਖਲੋ ਕੇ ਵੇਖਿਆ ਜਾ ਸਕਦਾ ਹੈ। 3-4 ਕਿਲੋਮੀਟਰ ਹੀ ਤਾਂ ਹੈ ਸਿੱਧਾ ਏਥੋਂ। ਦੋਨੋ ਪਾਸੇ ਪਹਾੜੀਆਂ ਤੇ ਵਿਚਾਲੇ ਡੈਮ, Pong Damਤੇ ਡੈਮ ਦੇ ਕੋਨੇ ਤੇ ਦਿਸਦੇ ਸਪਿਲਵੇਅ ਗੇਟ, ਜੋ ਡੈਮ ਝੀਲ ਵਿਚ ਪੂਰਾ ਪਾਣੀ ਭਰ ਜਾਣ ਉੱਤੇ ਫ਼ਾਲਤੂ ਪਾਣੀ ਛੱਡਣ ਲਈ ਖੋਲ੍ਹੇ ਜਾਂਦੇ ਹਨ। ਜੇ ਕਿਤੇ ਕਿਸਮਤ, ਉਹਨਾਂ ਸਪਿਲਵੇਅ ਗੇਟ ਖੁੱਲ੍ਹਣ ਦੇ ਦਿਨਾਂ ਵਿਚ ਤੁਹਾਨੂੰ ਤਲਵਾੜੇ ਲੈ ਆਵੇ ਤਾਂ ਤੁਸੀਂ ਆਪਣੀ ਜ਼ਿੰਦਗੀ ਵਿਚ ਵੇਖੇ ਹੁਣ ਤਕ ਦੇ ਸਭ ਖ਼ੂਬਸੂਰਤ ਨਜ਼ਾਰਿਆਂ ਨੂੰ ਭੁੱਲ ਜਾਓਗੇ। ਥੱਲੇ ਬੈਠਕੇ ਵੇਖੋ, ਅਸਮਾਨ 'ਚੋਂ ਡਿਗਦਾ ਪਾਣੀ। ਉਹਨੀਂ ਦਿਨੀਂ ਇਕ ਵਾਰ ਆਪਣੀ ਦਾਦੀ ਨੂੰ ਮੈਂ ਉਥੇ ਲੈ ਗਿਆ, ਕਹਿੰਦੇ, 'ਪੁੱਤ ਸਵਰਗ ਨਰਕ ਵੀ ਐਵੇਂ ਗੱਲਾਂ ਬਣੀਆਂ, ਏਥੇ ਈ ਆ ਸਭ ਕੁਛ, ਹੋਰ ਸਵਰਗ ਕਿੰਨਾ ਕੁ ਸੋਹਣਾ ਹੋ ਸਕਦਾ!' ਰਾਤ ਨੂੰ ਡੈਮ ਵੱਲ ਵੇਖੋ ਤਾਂ ਦੀਵਾਲੀ ਵਾਲੀ ਰਾਤ ਜਾਪੇਗੀ। ਜਗਮਗ ਜਗਮਗ।
ਜੇ ਡੈਮ ਦੇ ਉੱਪਰ ਜਾ ਕੇ ਖਲੋ ਜਾਓ ਤਾਂ ਆਪਦੇ ਸੱਜੇ ਖੱਬੇ ਤੁਸੀਂ ਏਹੋ ਜਿਹਾ ਨਜ਼ਾਰਾ ਤੱਕੋਗੇ ਕਿ ਕਦੀ ਭੁੱਲ ਨਾ ਸਕੋਗੇ। ਸੱਜੇ ਪਾਸੇ ਸੈਂਕੜੇ ਫ਼ੁੱਟ ਡੂੰਘੀ, ਮੀਲਾਂ ਵਿਚ ਫ਼ੈਲੀ ਸਾਫ਼ ਸੁਥਰੇ ਪਾਣੀ ਦੀ ਝੀਲ ਤੇ ਖੱਬੇ ਪਾਸੇ ਦੂਰ ਦੂਰ ਤਕ ਨਜ਼ਰ ਆਉਂਦੀ ਸ਼ਾਹ ਨਹਿਰ ਬੈਰਾਜ ਦੀ ਝੀਲ, ਬੈਰਾਜ ਦੇ ਗੇਟ, ਹਰੀਆਂ ਭਰੀਆਂ ਪਹਾੜੀਆਂ। ਬੈਰਾਜ ਤੋਂ ਅੱਗੇ ਮੀਲਾਂ ਤੀਕ ਦਰਿਆ ਦੇ ਕੁਦਰਤੀ ਵਹਿਣ ਦੀਆਂ ਪੈੜਾਂ। ਜਿੱਧਰ ਵੇਖੋ ਤੁਹਾਨੂੰ ਕਲਾਵੇ ਵਿਚ ਲੈਣ ਲਈ ਬਾਹਵਾਂ ਫ਼ੈਲਾਈ ਖੜੀ ਕੁਦਰਤ ਦਾ ਹਰ ਰੰਗ।
ਇਥੇ ਅਸਤ ਹੁੰਦੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਝੀਲ ਦੇ ਪਾਣੀ ਵਿਚ ਰੰਗ ਬਿਖੇਰਦੀਆਂ ਹਨ। ਸੂਰਜ ਵੇਂਹਦਿਆਂ ਵੇਂਹਦਿਆਂ ਪਹਾੜਾਂ ਪਿੱਛੇ ਅਲੋਪ ਹੋ ਜਾਂਦਾ ਹੈ। ਫ਼ਿਜ਼ਾ ਸੁਖ ਸ਼ਾਂਤੀ ਵਾਲੀ ਚਾਦਰ ਤਾਣ ਲੈਂਦੀ ਹੈ।
ਤਲਵਾੜਾ ਐਸੀ ਥਾਂ ਹੈ, ਜਿਥੋਂ ਕੁਝ ਹੀ ਦੂਰ ਪੈਦਲ ਚੱਲਣ ਤੋਂ ਬਾਅਦ, ਤੁਸੀਂ ਜੀਅ ਕਰੇ ਤਾਂ ਪਹਾੜ ਦੀ ਟੀਸੀ ਤੇ ਚੜ੍ਹ ਜਾਓ। ਜੀਅ ਕਰੇ ਤਾਂ ਦਰਿਆ ਦੇ ਕੁਦਰਤੀ ਵਹਿਣ ਵਿਚ ਪਹੁੰਚ ਕੇ ਤਾਰੀਆਂ ਲਾ ਲਵੋ। ਅਤੇ ਜੇ ਰੂਹ ਕਰੇ ਤਾਂ ਮੀਲਾਂ ਵਿਚ ਫ਼ੈਲੇ ਜੰਗਲ ਵਿਚ ਜ ਕੇ ਗਵਾਚ ਜਾਓ ਪੰਛੀਆਂ ਦੇ ਸੰਗ, ਮੋਰਾਂ ਤੇ ਪੰਛੀਆਂ ਦੀਆਂ ਉਹ ਅਵਾਜ਼ਾਂ ਸੁਣੋ, ਜਿਹੜੀਆਂ ਤੁਸੀਂ ਅੱਜ ਤਕ ਨਹੀਂ ਸੁਣੀਆਂ।
canal ਜੇ ਤੁਸੀਂ ਪਹਾੜ ਦੀ ਟੀਸੀ ਉੱਤੇ ਚੜ੍ਹ ਜਾਓ ਤਾਂ ਤਲਵਾੜਾ ਟਾਉਨਸ਼ਿਪ ਇਕ ਛੋਟਾ ਜਿਹਾ ਬੱਚਾ ਬਣ ਕੇ ਤੁਹਾਡੀ ਗੋਦੀ ਵਿਚ ਬੈਠ ਜਾਂਦਾ ਹੈ। ਇਸ ਦੇ ਚਾਰਾਂ ਸੈਕਟਰਾਂ ਅਤੇ ਪੁਰਾਣੇ ਤਲਵਾੜੇ ਤੁਸੀਂ ਇਕ ਨਿਗਾਹ ਭਰ ਕੇ ਵੇਖ ਸਕਦੇ ਹੋ। ਜਿਵੇਂ ਤੁਸੀਂ ਹਵਾਈ ਜਹਾਜ ਦੀ ਸ਼ੀਸ਼ੇ ਵਾਲੀ ਖਿੜਕੀ ਰਾਹੀਂ ਹੇਠਾਂ ਦਾ ਨਜ਼ਾਰਾ ਵੇਖ ਰਹੇ ਹੋਵੋ। ਤਲਵਾੜਾ ਦੇ ਨਾਲ ਖਹਿ ਕੇ ਲੰਘਦੀ ਸ਼ਾਹ ਨਹਿਰ, ਜੋ ਪੂਰੇ ਬਿਆਸ ਦਰਿਆ ਦੀ ਸਮਰੱਥਾ ਜਿੱਡੀ ਹੈ, ਵਿੰਗ ਵਲੇਵੇਂ ਖਾਂਦੀ ਕਿਸੇ ਤੁਰੀ ਜਾਂਦੀ ਮਸਤ ਸੱਪਣੀ ਵਰਗੀ ਲਗਦੀ ਹੈ। ਜਿਸਦੇ ਕੰਢੇ ਸੈਰ ਕਰਨ ਦਾ ਆਪਣਾ ਹੀ ਅਨੰਦ ਹੈ। ਇਸ ਅਨੰਦ ਦਾ ਲੁਤਫ਼ ਲੈਣ ਲਈ ਅਕਸਰ ਪੰਜਾਬ ਦੇ ਗਵਰਨਰ 2-4 ਦਿਨ ਇੱਥੇ ਆਉਂਦੇ ਅਤੇ ਇਸਦੇ ਕੰਢੇ ਬੈਠ ਸੈਰ ਕਰਨ ਨੂੰ ਆਪਣੀ ਜਿੰਦਗੀ ਦਾ ਯਾਦਗਾਰੀ ਸਮਾਂ ਬਣਾਉਂਦੇ ਹਨ।
ਪਹਾੜਾਂ ਦੀ ਉਚਾਈ ਉੱਤੇ ਖਲੋ ਕੇ ਬੰਦਾ ਦਾ ਹੇਠਾਂ ਉੱਚੀ ਅਵਾਜ਼ ਵਿਚ ਕਹਿਣ ਨੂੰ ਜੀਅ ਕਰਦਾ ਹੈ,'ਸਾਰੀ ਉਮਰ ਜ਼ਮੀਨ ਉੱਤੇ ਤੁਰੇ ਫ਼ਿਰਦੇ ਰਹੇ ਲੋਕੋ, ਮਰਨ ਤੋਂ ਪਹਿਲਾਂ ਇਕ ਵਾਰ ਏਥੇ ਚੜ੍ਹ ਕੇ ਜਰੂਰ ਵੇਖ ਲਿਓ, ਨਹੀਂ ਤਾਂ ਧਰਮਰਾਜ ਨੇ ਤੁਹਾਨੂੰ ਫ਼ਿੱਟ ਲਾਹਨਤ ਪਾਉਣੀ ਜੇ, 'ਓ ਦਲਿੱਦਰੀਓ, ਤੁਸੀਂ ਧਰਤੀ ਉੱਤੇ ਵੱਸੇ ਸਵਰਗ ਦਾ ਉਹ ਕੋਨਾ ਵੀ ਨਹੀਂ ਵੇਖ ਸਕੇ, ਜਿੱਥੇ ਜਾਣ ਦਾ ਪੈਸਾ ਵੀ ਕੋਈ ਨਹੀਂ ਸੀ ਲਗਦਾ। ਤੁਹਾਨੂੰ ਲੱਤਾਂ ਕਾਹਦੇ ਲਈ ਦਿੱਤੀਆਂ ਸਨ।'
ਤੇ ਜੇ ਤੁਸੀਂ ਦਰਿਆ ਉੱਤੇ ਇਸ਼ਨਾਨ ਕਰਨ ਲਈ ਕਿਸੇ ਸੱਜਣ ਬੇਲੀ ਨੂੰ ਲੈ ਜਾਓ ਤਾਂ ਉਹ ਤੁਹਾਨੂੰ ਆਖੇਗਾ, 'ਤੂੰ ਮੈਨੂੰ ਪਹਿਲਾਂ ਇਸ ਥਾਂ ਉੱਤੇ ਕਿਉਂ ਨਹੀਂ ਲੈ ਕੇ ਆਇਆ?' ਬੱਚੇ ਤਾਂ ਵਿੱਚੋਂ ਨਿਕਲਣ ਦਾ ਨਾਮ ਹੀ ਨਹੀਂ ਲੈਂਦੇ। ਪਾਣੀ ਇਸ ਅੰਦਾਜ਼ ਵਿਚ ਵਗਦਾ ਹੈ ਕਿ ਰੁੜ੍ਹਨ ਡੁੱਬਣ ਦਾ ਕੋਈ ਖ਼ਤਰਾ ਨਹੀਂ।
ਤਲਵਾੜੇ ਜੇ ਕੋਈ ਆਪਣੀ ਸਵਾਰੀ ਹੋਵੇ ਤਾਂ ਤੁਸੀਂ 3-4 ਮਿੰਟਾਂ ਵਿਚ ਇੱਕ ਅਜਿਹੀ ਮਨਮੋਹਕ ਥਾਂ ਪਹੁੰਚ ਜਾਂਦੇ ਹੋ, ਜਿਸਨੂੰ ਸ਼ਾਹ ਨਹਿਰ ਬੈਰਾਜ ਕਹਿੰਦੇ ਹਨ। ਇੱਥੇ ਝੀਲ ਹੈ। ਇਥੋਂ ਸ਼ਾਹ ਨਹਿਰ ਨਿਕਲਦੀ ਹੈ। ਫ਼ੁੱਲਾਂ ਦੀਆਂ ਪਾਰਕਾਂ ਹਨ। ਬੱਚਿਆਂ ਲਈ ਪੀਘਾਂ ਹਨ। ਵੱਡਿਆਂ ਦੇ ਸਾਰੀ ਰਾਤ ਬਹਿਣ ਵਾਲਾ ਮਿੱਠਾ ਮਹੌਲ।
ਸਿਆਲ ਰੁੱਤ ਦੀ ਬੈਰਾਜ ਉਪਰ ਸ਼ਾਮ ਤੁਹਾਡੇ ਲਈ ਉਹ ਦੁਰਲੱਭ ਅਤੇ ਦਿਲਕਸ਼ ਨਜ਼ਾਰਾ ਲੈ ਕੇ ਆਉਂਦੀ ਹੈ, ਜਿਸਦਾ ਕੋਈ ਕਿਆਸ ਨਹੀਂ ਕਰ ਸਕਦਾ। ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਵਾਸੀ ਪੰਛੀ ਕੂੰਜਾਂ, ਜੋ ਸਾਇਬੇਰੀਆ ਤੋਂ ਸਿਆਲ ਵਿਚ ਆਉਂਦੀਆਂ ਹਨ, ਝੀਲ ਵਿਚੋਂ ਉੱਡ ਉੱਡ ਕੇ ਤੁਹਾਡੇ ਸਿਰ ਉੱਤੋਂ ਲੰਘਣੀਆਂ ਸ਼ੁਰੂ ਹੋ ਜਾਂਦੀਆਂ ਹਨ। ਅੰਗਰੇਜ਼ੀ ਦੇ ਅੱਖਰ 'V' ਦੇ ਵਾਂਗੂੰ ਡਾਰ ਬਣਾ ਕੇ ਅਠਖੇਲੀਆਂ ਕਰਦੀਆਂ, ਰਾਤ ਕੱਟਣ ਲਈ ਆਸ ਪਾਸ ਦੇ ਰੁੱਖਾਂ ਤੇ ਲੁਕ ਵਿਚ ਜਾਂਦੀਆਂ ਹੋਈਆਂ। ਇੱਕ ਤੋਂ ਬਾਅਦ ਇੱਕ ਡਾਰ। ਇੱਥੋਂ ਬੱਚੇ ਕੱਢ ਕੇ ਲਿਜਾਂਦੀਆਂ ਹਨ ਕੂੰਜਾਂ, ਲੱਖਾਂ ਦੀ ਗਿਣਤੀ ਵਿਚ। ਮਾਵਾਂ ਤੋਂ ਬਾਅਦ ਬੱਚੇ ਲੰਘਦੇ ਹਨ ਝੁੰਡਾਂ ਵਿਚ, ਲੱਖਾਂ ਦੀ ਗਿਣਤੀ ਵਿਚ।
ਤੁਸੀਂ ਸੋਚਦੇ ਹੋਵੋਗੇ ਕਿ ਸ਼ਾਮ ਤਾਂ ਬੜੀ ਸੋਹਣੀ ਹੁੰਦੀ ਹੈ। ਕੌਣ ਭੜੂਆ ਆਂਹਦਾ ਹੈ ਕਿ ਸ਼ਾਮ ਢਹਿੰਦੀ ਕਲਾ ਤੇ ਨਿਰਾਸ਼ਾ ਦਾ ਪ੍ਰਤੀਕ ਹੈ। ਬੈਰਾਜ ਉੱਤੇ ਆ ਕੇ ਸ਼ਾਮ ਤੁਹਾਡੀ ਸੁਹਾਵਣੀ ਰੀਝ ਦਾ ਰੁਤਬਾ ਹਾਸਲ ਕਰ ਜਾਂਦੀ ਹੈ।
ਅਸੀਂ ਬੱਦਲ ਅਸਮਾਨ ਵਿਚ ਉੱਡਦੇ ਹੀ ਵੇਖੇ ਹਨ, ਪਰ ਤਲਵਾੜੇ ਤੁਸੀਂ ਬਰਸਾਤ ਦੇ ਦਿਨਾਂ ਵਿਚ ਬੱਦਲਾਂ ਨੂੰ ਆਪਣੇ ਕੋਲ ਦੀ ਲੰਘਦਿਆਂ ਵੀ ਵੇਖ ਸਕਦੇ ਹੋ। ਇਹ ਪਹਾੜੀਆਂ ਤੋਂ ਹੇਠਾਂ ਉੱਤਰ ਆਉਂਦੇ ਹਨ ਤੁਹਾਨੂੰ ਮਿਲਣ।
ਤਲਵਾੜਾ ਪੰਜਾਬ ਦੀ ਚਿਰਾਪੂੰਜੀ ਹੈ। ਇਥੇ ਮੀਂਹ ਦੇ ਮੌਸਮ ਵਿਚ ਪੰਜਾਬ ਵਿਚੋਂ ਸਭ ਤੋਂ ਵਧ ਮੀਂਹ ਪੈਂਦਾ ਹੈ। ਪਰ ਜ਼ਮੀਨ ਜਰਾ ਰੇਤਲੀ ਅਤੇ ਪਥਰੀਲੀ ਹੋਣ ਕਾਰਨ ਚਿੱਕੜ ਖੋਭਾ ਨਹੀਂ ਹੁੰਦਾ। ਗਰਮੀਆਂ ਵਿਚ ਵੀ ਟਾਊਨਸ਼ਿਪ ਦੀਆਂ ਟੂਟੀਆਂ ਵਿੱਚ ਚਲਦਾ ਪਾਣੀ ਪੀਣ ਲਈ ਬਰਫ਼ ਦੀ ਲੋੜ ਨਹੀਂ।
ਇਥੇ ਨੌਕਰੀ ਕਰਦੇ ਲਗਭਗ ਸਾਰੇ ਲੋਕਾਂ ਨੂੰ ਕਵਾਟਰ ਮਿਲ ਜਾਂਦੇ ਹਨ। ਆਸਪਾਸ 8 ਕਿਲੋਮੀਟਰ ਤਕ ਦੇ ਸਰਕਾਰੀ ਮੁਲਾਜਮਾਂ ਨੂੰ ਵੀ। ਇੱਥੇ ਜਿਹੜਾ ਵੀ ਆਉਂਦਾ, ਜੀਅ ਲਾ ਕੇ ਬੈਠ ਜਾਂਦਾ ਹੈ। ਏਥੋਂ ਜਾਣ ਵਾਲੇ ਵੀ ਤਲਵਾੜੇ ਨੂੰ ਯਾਦ ਕਰਕੇ ਅਕਸਰ ਕਹਿਣਗੇ,'ਯਾਰ, ਤਲਵਾੜੇ ਵਰਗੀ ਸਵੇਰ ਸ਼ਾਮ ਨੂੰ ਵਗਣ ਵਾਲੀ ਹਵਾ ਨਹੀਂ ਲੱਭੀ ਕਿਤੇ ਜਾ ਕੇ।' ਇਥੇ ਇਸਨੂੰ 'ਢਾਡੂ' ਕਹਿੰਦੇ ਹਨ। ਤਲਵਾੜੇ ਗਰਮੀਆਂ ਦਾ ਸੀਜ਼ਨ ਬਾਕੀ ਪੰਜਾਬ ਨਾਲੋਂ ਤਕਰੀਬਨ ਇਕ ਮਹੀਨਾ ਘੱਟ ਹੁੰਦਾ ਹੈ।
ਤਲਵਾੜਾ ਟਾਊਨਸ਼ਿਪ ਸ਼ਹਿਰ ਦਾ ਸ਼ਹਿਰ ਹੈ ਅਤੇ ਪਿੰਡ ਦਾ ਪਿੰਡ। ਇਸਦੀਆਂ ਕਦਰਾਂ ਕੀਮਤਾਂ ਸ਼ਹਿਰਾਂ ਵਾਲੀਆਂ ਹਨ ਪਰ ਭੀੜ ਭੜੱਕਾ ਨਹੀਂ। ਇੱਕੇ ਪਿੰਡਾਂ ਵਰਗਾ ਸਾਂਝਾ ਮਹੌਲ ਹੈ। ਭਾਵੇਂ ਇਕੱਲੀਆਂ ਜਨਾਨੀਆਂ ਦੇਰ ਰਾਤ ਤੱਕ ਸੈਰ ਕਰਦੀਆਂ ਫ਼ਿਰਨ।
ਇਥੇ ਚੀਫ਼ ਇੰਜੀਨੀਅਰ ਅਤੇ ਹੋਰ ਅਫ਼ਸਰਾਂ ਲਈ ਵੱਡੀਆਂ ਵੱਡੀਆਂ ਸ਼ਾਨਦਾਰ ਕੋਠੀਆਂ ਹਨ। ਆਫ਼ੀਸਰ ਕਲੱਬ ਹੈ, ਲਾਅਨ ਟੈਨਿਸ ਦੀਆਂ ਗਰਾਉਂਡਾਂ ਹਨ। ਸੋਹਣੀਆਂ ਬਿਲਡਿੰਗਾਂ ਵਾਲੇ 5-7 ਸਕੂਲ ਹਨ, ਕਾਲਜ ਹੈ, ਆਈ. ਟੀ. ਆਈ. ਹੈ। ਵੱਡਾ ਹਸਪਤਾਲ ਹੈ। ਵਾਟਰ ਸਪੋਰਟਸ ਦਾ ਹੋਸਟਲ ਸਮੇਤ ਵੱਡਾ ਸਰਕਾਰੀ ਕੇਂਦਰ ਹੈ। ਸੈਕਟਰਾਂ ਵਿੱਚ ਵੰਡਿਆ ਹੋਣ ਕਰਕੇ ਅਤੇ ਯੋਜਨਾਬੱਧ ਬਣਤਰ ਕਰਕੇ ਇਸਨੂੰ ਲੋਕ 'ਮਿੰਨੀ ਚੰਡੀਗੜ੍ਹ' ਵੀ ਕਹਿੰਦੇ ਹਨ।
ਇੱਥੇ ਪੰਜਾਬ ਦੇ ਹਰ ਕੋਨੇ ਦਾ ਬੰਦਾ ਰਹਿੰਦਾ ਹੈ। ਏਥੋਂ ਹਰ ਪਾਸੇ ਨੂੰ ਬੱਸਾਂ ਚਲਦੀਆਂ ਹਨ।
ਇੱਥੇ ਚੰਡੀਗੜ੍ਹ ਵਾਲੇ ਨੇਕ ਚੰਦ ਦੀ ਦੇਖ ਰੇਖ ਵਿਚ 'ਰਾਕ ਗਾਰਡਨ' ਬਣ ਰਿਹਾ ਹੈ। ਰੋਜ਼ ਗਾਰਡਨ ਵੀ ਰਾਕ ਗਾਰਡਨ ਵੀ। ਡੈਮ ਵਿਚ ਵਰਤੀਂਦਾ ਹਰ ਮਸ਼ੀਨਰੀ ਦਾ ਮਾਡਲ ਇੱਥੇ ਰੱਖਣ ਦੀ ਯੋਜਨਾ ਹੈ।
ਹੁਣ ਵਾਲੀ ਪੀੜ੍ਹੀ ਨੇ ਸਿਰਫ਼ ਕਹਾਣੀਆਂ ਹੀ ਸੁਣੀਆਂ ਹਨ,'ਇਕ ਸੀ ਰਾਜਾ। ਉਹ ਜੰਗਲ ਵਿਚ ਸ਼ਿਕਾਰ ਖੇਡਣ ਗਿਆ ਤੇ ਰਸਤਾ ਭੁੱਲ ਗਿਆ।' ਪਰ ਜੰਗਲ ਦੇ ਦਰਸ਼ਨ ਨਹੀਂ ਕੀਤੇ। ਪਰ ਤਲਵਾੜੇ ਆਸ ਪਾਸ ਮੀਲਾਂ ਤੀਕ ਫ਼ੈਲਿਆ ਜੰਗਲ ਹੀ ਜੰਗਲ ਹੈ। ਜਿਸ ਵਿਚੋਂ ਦੀ ਗੁਜ਼ਰਨ ਦਾ ਇੱਕ ਅਲੱਗ ਹੀ ਲੁਤਫ਼ ਹੈ।
ਤਲਵਾੜਾ ਮੁਹੱਬਤੀ ਕਸਬਾ ਹੈ। ਪਰ ਇਹ ਪਿਆਰ ਸਿਰਫ਼ ਆਪਣੇ ਚਾਹੁਣ ਵਾਲਿਆਂ ਨੂੰ ਹੀ ਦੇਂਦਾ ਹੈ। ਕਈ ਇਸਨੂੰ ਵਪਾਰਕ ਸੰਭਾਵਨਾਵਾਂ ਦੇ ਨੁਕਤੇ ਤੋਂ ਵੇਖਦੇ ਹੋਏ ਛੁਟਿਆਉਂਦੇ ਹਨ। ਅਕਸਰ ਵਪਾਰੀ ਦ੍ਰਿਸ਼ਟੀ ਵਾਲੇ ਨੈਣ, ਸੁਹਜ ਦਾ ਮੁੱਲ ਪਾਉਣ ਲੱਗਿਆਂ ਕੰਜੂਸੀ ਕਰ ਜਾਂਦੇ ਹਨ।
ਮੈਂ ਤਾਂ ਆਪਣੇ ਇਸ ਮਹਿਬੂਬ ਥਾਂ ਦੀ ਬੁੱਕਲ ਵਿਚ ਰਹਿਣ ਦਾ ਅਨੰਦ ਮਾਨਣ ਲਈ ਸ਼ਾਹ ਨਹਿਰ ਦੇ ਐਨ ਕੋਲ ਉੱਥੇ ਆਪਣਾ ਘਰ ਬਣਾਇਆ ਹੈ ਜਿੱਥੇ ਪੌਂਗ ਡੈਮ, ਬੈਰਾਜ ਦੀ ਝੀਲ, ਹਰੀਆਂ ਭਰੀਆਂ ਪਹਾੜੀਆਂ, ਖ਼ੂਬਸੂਰਤ ਵਾਦੀਆਂ ਅਤੇ ਸਾਡੇ ਦਰਮਿਆਨ ਹੋਰ ਕੋਈ ਨਹੀਂ ਹੁੰਦਾ।
ਇਕ ਸਵਿਟਜ਼ਰਲੈਂਡ ਰਹਿੰਦਾ ਮੁੰਡਾ ਜਗਵਿੰਦਰਪਾਲ ਸਿੰਘ ਮੇਰੇ ਘਰ ਦੀ ਛੱਤ ਤੇ ਚੜ੍ਹ ਕੇ ਆਲਾ ਦੁਆਲਾ ਵੇਖ ਕੇ ਕਹਿੰਦਾ,'ਬੱਲੇ ਬੱਲੇ ਬੱਲੇ! ਏਨੀ ਸੋਹਣੀ ਥਾਂ!' ਪਰ ਸੋਹਣਿਓ, ਸੁੰਦਰਤਾ ਦ੍ਰਿਸ਼ ਵਿਚ ਹੀ ਨਹੀਂ, ਆਪਣੀ ਦ੍ਰਿਸ਼ਟੀ ਵਿਚ ਵੀ ਹੁੰਦੀ।

ਡਾ. ਸੁਰਿੰਦਰਪਾਲ ਸਿੰਘ ਮੰਡ

148, ਸੁੰਦਰ ਵਿਹਾਰ, ਤਲਵਾੜਾ

Talwara Matrimonials
Talwara
Phonebook
Press Reporters
Sign Guestbook
Shamm Online
Sign Guestbook
Ads
Home | The People | The Places | Gallery | Forum | Phonebook | Feedback
Copyright Talwara.com  2008-2010   |    Managing Editor : SS Shammi (+91)9417355724    |     Powered by : JGT